ਪਿਆਰੇ ਵਿਦਿਆਰਥੀਓ!
ਇਸ ਨਵੇਂ ਵਿੱਦਿਆਕ ਵਰ੍ਹੇ (2022-23) ਵਿਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ ਹਾਂ। ਅਰਜਨ ਦਾਸ ਕਾਲਜ ਧਰਮਕੋਟ ਸੰਸਥਾ ਦਾ ਉਦੇਸ਼ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਦੇ ਨਾਲ-ਨਾਲ (Personality Development) ਸ਼ਖਸ਼ੀਅਤ ਵਿਚ ਨਿਖਾਰ ਕਰਨਾ ਹੈ। ਉੱਚ ਸਿੱਖਿਆ ਲਈ ਅਜੋਕੇ ਸਮੇਂ ਵਿਚ ਬਹੁਤ ਸਾਰੀਆਂ ਚੁਣੌਤੀਆਂ (Challenges) ਦਰਪੇਸ਼ ਹਨ। ਕੋਵਿਡ ਦੀ ਮਹਾਂਮਾਰੀ ਨੇ ਮਨੁੱਖ ਦੀ ਦੌੜ ਨੂੰ ਬਹੁਤ ਧੀਮੀ ਤੇ ਸੀਮਤ ਕਰ ਦਿਤਾ। ਵਿਦੇਸ਼ਾਂ ਵਿਚ ਜਾ ਕੇ ਵਿਦਿਆਰਥੀਆਂ ਵਲੋਂ ਮਹਿੰਗੀ ਪੜ੍ਹਾਈ ਕਰਨਾ ਉੱਚ ਸਿੱਖਿਆ ਸੰਸਥਾਵਾਂ ਲਈ ਇਕ ਚੁਣੌਤੀ ਬਣਿਆ ਹੋਇਆ ਹੈ ਪਰ ਇਸ ਦੇ ਬਾਵਜੂਦ ਅਸੀਂ ਇਸ ਸੰਸਥਾਂ ਨੂੰ ਬਿਹਤਰ ਬਣਾਉਣ ਅਤੇ ਵਿਦਿਆਰਥੀਆਂ ਨੂੰ ਚੰਗੀ ਪੜ੍ਹਾਈ, ਚੰਗਾ ਮਾਹੌਲ, ਚੰਗਾ ਵਾਤਾਵਰਣ ਦੇਣ ਲਈ ਮੈਂ ਵਚਨ ਬੱਧ ਹਾਂ। ਸਾਡੇ ਦੇਸ਼ ਪ੍ਰਤੀ ਵੀ ਕੁਝ ਫਰਜ਼ ਬਣਦੇ ਹਨ। ਸਾਨੂੰ ਸਾਰਿਆਂ ਨੂੰ ਰਲ-ਮਿਲ ਕੇ ਆਪਣੀ ਮਾਂ-ਭੂਮੀ ਦੀ ਸੇਵਾ ਕਰਨੀ ਚਾਹੀਦੀ ਹੈ।
ਜ਼ਿੰਦਗੀ ਦਾ ਸਮਾਂ ਹਮੇਸ਼ਾ ਇਕ ਸਾਰ ਨਹੀਂ ਰਹਿੰਦਾ ਹਮੇਸ਼ਾ ਬਦਲਦਾ ਰਹਿੰਦਾ ਹੈ। ਮੈਂ ਆਸ ਕਰਦਾ ਹਾਂ ਕਿ ਉੱਚ ਸੰਸਥਾਵਾਂ ਲਈ ਚੰਗਾ ਸਮਾਂ ਜ਼ਰੂਰ ਆਏਗਾ। ਸਾਨੂੰ ਸਾਰਿਆਂ ਨੂੰ ਤਨ-ਦੇਹੀ ਨਾਲ ਆਪਣਾ ਫਰਜ਼ ਨਿਭਾਉਂਦੇ ਰਹਿਣਾ ਹੈ।
ਕਾਲਜਾ ਦੀ ਪ੍ਰਬੰਧਕ ਕਮੇਟੀ ਅਤੇ ਸਟਾਫ ਕਾਲਜ ਦੀ ਤਰੱਕੀ ਲਈ ਸਾਰੇ ਹੀ ਇਕ-ਜੁੱਟ ਹਨ। ਲਗਭਗ ਸਾਰੇ ਹੀ ਅਧਿਆਪਕ ਸਾਹਿਬਾਨ ਯੋਗਤਾ-ਪ੍ਰਾਪਤ ਅਤੇ ਮਿਹਨਤੀ ਹਨ। ਪੜ੍ਹਾਈ ਵਿਚ ਕਮਜ਼ੋਰ ਵਿਦਿਆਰਥੀਆਂ ਵਲ ਵਿਸ਼ੇਸ਼ ਤੌਰ ਤੇ ਧਿਆਨ ਦਿੱਤਾ ਜਾਂਦਾ ਹੈ ਕਾਲਜ ਵਿਖੇ ਵਿਦਿਆਰਥੀਆਂ ਨੂੰ ਵਿਦਿਅਕ ਪੜ੍ਹਾਈ ਦੇ ਨਾਲ-ਨਾਲ ਸਪੋਰਟਸ ਵੱਲ ਵੀ ਆਕਰਸ਼ਿਤ ਕੀਤਾ ਜਾਂਦਾ ਹੈ ਜਿਸ ਲਈ ਚੰਗੀਆਂ ਖੇਡ ਗਰਾਉਂਡਾ ਦਾ ਪ੍ਰਬੰਧ ਕੀਤਾ ਹੋਇਆ ਹੈ। ਕਾਲਜ ਕੈਂਪਸ ਨੂੰ ਹਰਿਆ-ਭਰਿਆ ਰੱਖਣ ਲਈ ਕਾਲਜ ਦੇ ਸਪੋਰਟਿੰਗ ਸਟਾਫ਼ ਵਲੋਂ ਬਹੁਤ ਮਿਹਨਤ ਕੀਤੀ ਜਾ ਰਹੀ ਹੈ। ਥੋੜੇ ਸ਼ਬਦਾਂ ਵਿੱਚ ਕਹਿਣਾ ਹੋਵੇ ਤਾਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸਾਡਾ ਹਰ ਸੰਭਵ ਯਤਨ ਜਾਰੀ ਹੈ ਲੋੜ ਹੈ, ਵਿਦਿਆਰਥੀਆਂ ਅਤੇ ਮਾਪਿਆਂ ਦੇ ਸਹਿਯੋਗ ਦੀ। ਕਾਲਜ ਦੀ ਹੋਰ ਬੇਹਤਰੀ ਲਈ ਸਾਨੂੰ ਆਪਣੇ ਕੀਮਤੀ ਸੁਝਾਅ ਦਿਆ ਕਰਨ ਤਾਂ ਜੋ ਸਿੱਖਿਆ ਅਤੇ ਸਮਾਜ ਦੀ ਬੇਹਤਰੀ ਲਈ ਅਸੀਂ ਆਪਣਾ ਬਣਦਾ ਯੋਗਦਾਨ ਪਾ ਸਕੀਏ।
ਅਖੀਰ ਵਿੱਚ ਇੱਕ ਫੇਰ ਮੈਂ ਆਪ ਸਭ ਦੇ ਉਜਵਲ ਭਵਿੱਖ ਦੀ ਕਾਮਨਾ ਕਰਦਾ ਹੈ ਅਤੇ ਇਲਾਕੇ ਦੀ ਇਸ ਪ੍ਰਸਿੱਧ ਸੰਸਥਾ ਅਰਜਨ ਦਾਸ ਕਾਲਜ, ਧਰਮਕੋਟ ਵਿੱਚ ਦਾਖਲਾ ਲੈਣ ਲਈ ਵਧਾਈ ਦਿੰਦਾ ਹਾਂ।
Off. Principal
Dr. Ashish Kumar
Arjan Dass College, Dharamkot (Moga)